ਜਲੰਧਰ :- ਪ੍ਰਾਈਵੇਟ ਸਕੂਲਾਂ ਵੱਲ੍ਹੋਂ ਮਾਪਿਆਂ ਕੋਲੋਂ ਹਰ ਤਰ੍ਹਾਂ ਦੀਆਂ ਫੀਸਾਂ, ਦਾਖਲੇ ਵਸੂਲਣ ਸਬੰਧੀ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਨਵੇਂ ਦਾਖਲਿਆਂ ਦਾ ਰਿਕਾਰਡ ਵਾਧਾ 11 ਪ੍ਰਤੀਸ਼ਤ ਤੋਂ ਪਾਰ ਹੋ ਗਿਆ ਹੈ। ਸਿੱਖਿਆ ਖੇਤਰ ਦੇ ਇਤਿਹਾਸ ਚ ਪਹਿਲੀ ਵਾਰ ਨਵੇਂ ਦਾਖਲਿਆਂ ਦੇ ਵਾਧੇ ਦੀ ਗੱਲ ਹੁਣ ਸ਼ਹਿਰਾਂ ਅਤੇ ਪਿੰਡਾਂ ਵਿੱਚ ਚਰਚਾ ਦਾ ਵਿਸ਼ਾ ਬਣਨ ਲੱਗੀ ਹੈ,ਪਿਛਲੇਂ ਵਰ੍ਹੇਂ ਦੌਰਾਨ ਜੋ ਵਿਦਿਆਰਥੀਆਂ ਦੀ ਗਿਣਤੀ 2352112 ਸੀ, ਹੁਣ ਵੱਧਕੇ 2611787 ਹੋ ਗਈ ਹੈ,ਨਾਲ ਤਸੱਲੀ ਵਾਲੀ ਖ਼ਬਰ ਇਹ ਵੀ ਹੈ ਕਿ ਨਵੇਂ ਦਾਖਲ ਹੋਏ 259,675 ਦੇ ਵਿਦਿਆਰਥੀਆਂ ਵਿਚੋਂ 120590 ਵਿਦਿਆਰਥੀ ਪ੍ਰਾਈਵੇਟ ਸਕੂਲਾਂ ਨੂੰ ਅਲਵਿਦਾ ਕਹਿ ਆਏ ਹਨ। ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਅਤੇ ਜ਼ਿਲ੍ਹਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਨਵੀਨ ਸ਼ਰਮਾ ਨੇ ਦੱਸਿਆ ਕਿ 36.10 ਦਾ ਸਭ ਤੋਂ ਵੱਡਾ ਵਾਧਾ ਪ੍ਰੀ ਪ੍ਰਾਇਮਰੀ ਵਿੱਚ ਦਾਖਲ ਹੋਏ ਬੱਚਿਆਂ ਦਾ ਹੈ,ਜੋ ਸਿੱਖਿਆ ਵਿਭਾਗ ਵੱਲ੍ਹੋਂ 14 ਨਵੰਬਰ 2017 ਨੂੰ ਸ਼ੁਰੂ ਕੀਤੀਆਂ ਪ੍ਰੀ ਪ੍ਰਾਇਮਰੀ ਕਲਾਸਾਂ ਦੇ ਸਫਲ ਤਜਰਬੇ ਨੂੰ ਦਰਸਾਉਂਦਾ ਹੈ। ਪਿਛਲੇਂ ਸਾਲ ਪ੍ਰੀ ਪ੍ਰਾਇਮਰੀ ਵਿੱਚ 225565 ਬੱਚੇ ਸਨ,ਜਿਨ੍ਹਾਂ ਦੀ ਗਿਣਤੀ ਹੁਣ ਵਧਕੇ 306987 ਹੋ ਗਈ ਹੈ। ਇਸ ਪੱਧਰ ਤੇ 81420 ਬੱਚੇ ਨਵੇਂ ਦਾਖਲ ਹੋਏ ਹਨ। ਹਾਇਰ ਸੈਕੰਡਰੀ ਪੱਧਰ ਤੇ ਵੀ ਗਿਆਰਵੀਂ, ਬਾਰਵੀਂ ਕਲਾਸਾਂ ਚ ਵੀ 20.82 ਪ੍ਰਤੀਸ਼ਤ ਦਾ ਵੱਡਾ ਵਾਧਾ ਹੋਇਆ ਹੈ,ਪਿਛਲੇ ਵਰ੍ਹੇ ਜੋ ਵਿਦਿਆਰਥੀਆਂ ਦੀ ਗਿਣਤੀ 312534 ਸੀ,ਹੁਣ 377600 ਹੋ ਗਈ। ਪ੍ਰਾਇਮਰੀ ਪੱਧਰ ਤੇ ਪਹਿਲੀ ਕਲਾਸ ਤੋਂ ਲੈਕੇ ਪੰਜਵੀਂ ਤੱਕ 6.45 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਪਿਛਲੇ ਵਰ੍ਹੇ 848619 ਬੱਚੇ ਸਨ,ਹੁਣ ਇਹ ਗਿਣਤੀ 903339 ਹੋ ਗਈ।ਅੱਪਰ ਪ੍ਰਾਇਮਰੀ ਤਹਿਤ ਛੇਵੀਂ ਤੋਂ ਅੱਠਵੀਂ ਤੱਕ 5.36 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਪਿਛਲੇ ਸਾਲ 574234 ਵਿਦਿਆਰਥੀ ਸਨ,ਹੁਣ ਇਹ ਗਿਣਤੀ 605000 ਤੱਕ ਪਹੁੰਚ ਗਈ। ਨੋਵੀਂ, ਦਸਵੀਂ ਕਲਾਸਾਂ ਦੇ ਨਵੇਂ ਦਾਖਲਿਆਂ ਚ 7.08 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਪਿਛਲੇ ਸਾਲ 391160 ਵਿਦਿਆਰਥੀ ਸਨ,ਇਸ ਸਾਲ ਹੁਣ ਤੱਕ 418861 ਵਿਦਿਆਰਥੀ ਦਾਖਲਾ ਲੈ ਚੁੱਕੇ ਹਨ।ਜੇਕਰ ਵੱਖ ਵੱਖ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਐੱਸ ਏ ਐਸ ਨਗਰ (ਮੁਹਾਲੀ) 23.24 ਪ੍ਰਤੀਸ਼ਤ ਵਾਧੇ ਨਾਲ ਸਿਖਰ ਤੇ ਹੈ, ਹੁਣ ਲੁਧਿਆਣਾ 16.30 ਪ੍ਰਤੀਸ਼ਤ ਵਾਧੇ ਨਾਲ ਦੂਸਰੇ ਨੰਬਰ ਤੇ ਆ ਗਿਆ ਹੈ,ਜਦੋ ਕਿ ਫਤਹਿਗੜ੍ਹ ਸਾਹਿਬ 16.21ਪ੍ਰਤੀਸ਼ਤ ਦੇ ਵਾਧੇ ਨਾਲ ਹੁਣ ਦੂਸਰੇ ਤੋਂ ਤੀਸਰੇ ਨੰਬਰ ਤੇ ਖਿਸਕ ਗਿਆ ਹੈ, ਇਸ ਜ਼ਿਲ੍ਹੇ ਨੇ ਪਿਛਲੇ ਹਫਤੇ 0.43 ਪ੍ਰਤੀਸ਼ਤ ,ਜਦੋਂ ਕਿ ਲੁਧਿਆਣਾ ਨੇ 1.02 ਪ੍ਰਤੀਸ਼ਤ ਦਾਖਲਿਆਂ ਦਾ ਵਾਧਾ ਕਰਕੇ ਦੂਸਰੀ ਥਾਂ ਮੱਲ ਲਈ ਹੈ। ਇਸ ਦਾਖਲਾ ਦਰ ਚ ਐੱਸ ਬੀ ਐੱਸ ਨਗਰ 13.69 ਪ੍ਰਤੀਸ਼ਤ ਨਾਲ ਚੌਥੇ, ਬਠਿੰਡਾ 12.09 ਪ੍ਰਤੀਸ਼ਤ ਨਾਲ ਪੰਜਵੇਂ ,ਫਿਰੋਜ਼ਪੁਰ 11.53 ਪ੍ਰਤੀਸ਼ਤ ਨਾਲ ਛੇਵੇਂ, ਤਰਨਤਾਰਨ 11.18 ਪ੍ਰਤੀਸ਼ਤ ਨਾਲ ਸੱਤਵੇਂ ਸਥਾਨ ਤੇ ਹੈ।ਬਾਕੀ ਜ਼ਿਲਿਆਂ ਚ ਵੀ ਨਵੇਂ ਦਾਖਲਿਆਂ ਦੀ ਵਾਧਾ ਦਰ ਚ ਰਿਕਾਰਡ ਵਾਧਾ ਹੋਇਆ ਹੈ ਅਤੇ ਇਨ੍ਹਾਂ ਸਾਰਿਆਂ ਜ਼ਿਲ੍ਹਿਆਂ ਨੇ ਅੱਠ ਪ੍ਰਤੀਸ਼ਤ ਦੇ ਕਰੀਬ ਵਾਧੇ ਤੋਂ ਲੈਕੇ ਪੌਣੇ ਗਿਆਰਾਂ ਪ੍ਰਤੀਸ਼ਤ ਦੀ ਦਰ ਨੂੰ ਪਾਰ ਕੀਤੀ ਹੈ ਅਤੇ ਹਰ ਜ਼ਿਲ੍ਹੇ ਚ ਵੱਡੀ ਗਿਣਤੀ ਵਿੱਚ ਬੱਚੇ ਪ੍ਰਾਈਵੇਟ ਸਕੂਲਾਂ ਚੋਂ ਆਏ ਹਨ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਇਹ ਵੀ ਦਾਅਵਾ ਹੈ ਕਿ ਸੀ ਬੀ ਐਸ ਈ ਨਾਲ ਸਬੰਧਤ ਦਸਵੀਂ ਕਲਾਸ ਦਾ ਨਤੀਜੇ ਅਜੇ ਆਉਣਾ ਹੈ,ਜਿਸ ਕਾਰਨ ਹੋਰ ਵੀ ਵੱਡੀ ਗਿਣਤੀ ਚ ਦਾਖਲਾ ਵਧਣ ਦੇ ਅਸਾਰ ਹਨ। ਨਵੇਂ ਦਾਖਲਿਆਂ ਦੀ ਸੂਚੀ ਚ ਤੀਸਰੇ ਤੋਂ ਦੂਸਰੇ ਨੰਬਰ ਤੇ ਆਉਣ ਵਾਲੇ ਲੁਧਿਆਣਾ ਦੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਵਰਨਜੀਤ ਕੌਰ,ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਾਜਿੰਦਰ ਕੌਰ ਅਤੇ ਨੋਡਲ ਅਫਸਰ ਬਲਵੀਰ ਕੌਰ ਨੇ ਦੱਸਿਆ ਕਿ ਪਿਛਲੇ ਹਫਤੇ ਉਨ੍ਹਾਂ ਦੇ ਅਧਿਆਪਕਾਂ ਨੇ ਹੋਰ ਮਿਹਨਤ ਕੀਤੀ, ਜਿਸ ਕਾਰਨ ਉਨ੍ਹਾਂ ਦਾ ਜ਼ਿਲ੍ਹਾ ਹੁਣ ਪੰਜਾਬ ਭਰ ਚੋਂ ਦੂਸਰੇ ਸਥਾਨ ਤੇ ਹੈ। ਇਸ ਜ਼ਿਲ੍ਹੇ ਚ ਨਵੇਂ ਦਾਖਲਿਆਂ ਕਰਕੇ ਪੰਜਾਬ ਦੇ ਮੋਹਰੀ ਸਕੂਲ ਦੀ ਕਤਾਰ ਵਿੱਚ ਸ਼ਾਮਲ ਸਰਕਾਰੀ ਸੀਨੀਅਰ ਸੈਕੰਡਰੀ ਮਲਟੀਪਰਪਜ਼ ਸਕੂਲ ਲੁਧਿਆਣਾ ਪ੍ਰਿਸੀਪਲ ਨਵਦੀਪ ਰੋਮਾਣਾ ਸੰਧੂ ਨੇ ਦੱਸਿਆ ਹੈ ਕਿ ਪਿਛਲੇ ਸਾਲ 1700 ਵਿਦਿਆਰਥੀਆਂ ਸਨ,ਹੁਣ ਇਹ ਗਿਣਤੀ 3040 ਤੋਂ ਪਾਰ ਹੋ ਗਈ ਹੈ,ਜਿਨ੍ਹਾਂ ਵਿਚੋਂ ਵੱਡੀ ਗਿਣਤੀ ਪ੍ਰਾਈਵੇਟ ਸਕੂਲਾਂ ਚੋ ਆਉਣ ਵਾਲੇ ਬੱਚੇ ਨੇ। ਪੰਜਾਬ ਭਰ ਚੋ ਨੰਬਰ ਵਨ ਤੇ ਰਹਿਣ ਵਾਲੇ ਐੱਸ ਏ ਐੱਸ ਨਗਰ (ਮੁਹਾਲੀ) ਦੇ ਸਰਕਾਰੀ ਸੈਕੰਡਰੀ ਸਕੂਲ ਤੀੜਾ ਦੇ ਪ੍ਰਿੰਸੀਪਲ ਪ੍ਰਵੀਨ ਅਤੇ ਅੰਗਰੇਜ਼ੀ ਦੀ ਅਧਿਆਪਕਾ ਸ਼ੁਬਲਾ ਸ਼ਰਮਾ ਜਿੰਨਾਂ ਨੇ ਢੋਲ ਦੇ ਡੱਗੇ ਤੇ ਪਿੰਡਾਂ ਚ ਦਾਖਲਿਆਂ ਦਾ ਪ੍ਰਚਾਰ ਕੀਤਾ, ਦਾ ਕਹਿਣਾ ਹੈ ਕਿ ਚਿਰਾਂ ਬਾਅਦ ਸਰਕਾਰੀ ਸਕੂਲਾਂ ਦੇ ਭਾਗ ਜਾਗੇ,ਹੁਣ ਸਕੂਲਾਂ ਦੀ ਨੁਹਾਰ ਵੀ ਬਦਲੀ ਹੈ,ਅਧਿਆਪਕ ਵੀ ਬਹੁਤ ਮਿਹਨਤ ਕਰ ਰਹੇ ਹਨ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਵੀ ਮੰਨਣਾ ਹੈ ਕਿ ਨਵੇਂ ਦਾਖਲਿਆਂ ਦੀ ਰਿਕਾਰਡ ਵਾਧਾ ਦਰ ਲਈ ਪੰਜਾਬ ਸਰਕਾਰ ਵੱਲ੍ਹੋਂ ਲਗਭਗ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਸਰਕਾਰੀ ਸਕੂਲਾਂ ਚ ਸਮਾਰਟ ਸਿੱਖਿਆ ਨੀਤੀ ਤਹਿਤ ਹਰ ਸਕੂਲ ਚ ਲੋੜੀਂਦੇ ਸਮਾਰਟ ਪ੍ਰੋਜੈਕਟਰ,ਪੜ੍ਹਾਈ ਲਈ ਈ-ਕੰਟੈਂਟ ਦੀ ਵਰਤੋਂ ਲਈ, ਵਧੀਆ ਕਲਾਸ ਰੂਮ,ਰੰਗਦਾਰ ਫਰਨੀਚਰ, ਬਾਲਾ ਵਰਕ,ਮਿਸ਼ਨ ਸ਼ਤ ਪ੍ਰਤੀਸ਼ਤ,ਈਚ ਵਨ,ਬਰਿੰਗ ਵਨ ਦਸਵੀਂ, ਬਾਰਵੀਂ ਦੇ ਸਲਾਨਾ ਨਤੀਜੇ ਦਾ ਚੰਗੇ ਆਉਣਾ,ਆਨਲਾਈਨ ਪੜ੍ਹਾਈ,ਸਿੱਧੀ ਭਰਤੀ,ਤਰੱਕੀਆਂ ਅਤੇ ਕਰੋਨਾ ਵਾਇਰਸ ਦੀ ਔਖੀ ਘੜੀ ਦੌਰਾਨ ਜਦੋ ਦੁਨੀਆਂ ਠਹਿਰ ਗਈ ਸੀ,ਉਸ ਚਣੌਤੀਆਂ ਭਰੇ ਦੌਰ ਦੌਰਾਨ ਨਵੇਂ ਸ਼ੈਸਨ ਦੇ ਪਹਿਲੇ ਦਿਨ ਤੋਂ ਬੱਚਿਆਂ ਲਈ ਘਰ ਬੈਠੇ ਸਿੱਖਿਆ ਦਾ ਪ੍ਰਬੰਧ ਕਰਨਾ, ਜ਼ੂਮ ਐਪ, ਮੋਬਾਈਲ, ਵਟਸਐਪ, ਯੂ-ਟਿਊਬ,ਫੇਸਬੁੱਕ, ਗੂਗਲ ਕਲਾਸ ਰੂਮ,ਪੰਜਾਬ ਐਜੂਕੇਅਰ ਐਪ,ਰੇਡੀਓ, ਦੂਰਦਰਸ਼ਨ, ਸਵਯਮ ਟੀ ਵੀ ਚੈੱਨਲਾਂ ਤੇ ਸਿੱਖਿਆ ਦਾ ਪ੍ਰਬੰਧ ਕਰਨਾ ਅਤੇ ਵਿਭਾਗ ਵੱਲ੍ਹੋਂ ਦਿਨ ਰਾਤ ਕੀਤੀ ਯੋਜਨਬੰਦੀ ਅਤੇ ਅਧਿਆਪਕਾਂ ਦੀ ਸਖਤ ਮਿਹਨਤ ਨੇ ਸਰਕਾਰੀ ਸਕੂਲਾਂ ਦੀ ਸਿੱਖਿਆ ਦੇ ਮਿਆਰ ਨੂੰ ਸਿੱਖਰਾਂ ਤੇ ਲੈ ਆਂਦਾ,ਜਿਸ ਕਾਰਨ ਸਰਕਾਰੀ ਸਕੂਲ ਮਾਪਿਆਂ ਦੀ ਪਹਿਲੀ ਪਸੰਦ ਬਣਨ ਲੱਗੇ ਹਨ।

Stock Market Updates

Jalandhar News

Leave a Reply

Your email address will not be published. Required fields are marked *