ਜਲੰਧਰ (ਹਰਬੰਸ ਜੋਨੀ)- ਪੰਜਾਬ ਵਿਚ ਦਲਿਤਾਂ ਨਾਲ ਹੋ ਰਹੇ ਅੱਤਿਆਚਾਰ ਅਤੇ ਘੁਟਾਲਿਆਂ ਦਾ ਭਾਜਪਾ ਦੇ ਐੱਸ ਸੀ ਮੋਰਚਾ ਨੂੰ ਕੜਾ ਨੋਟਿਸ ਲਿਆ ਹੈ ਅਤੇ ਇਸ ਦੇ ਖ਼ਿਲਾਫ਼ 20 ਅਕਤੂਬਰ ਨੂੰ ਐੱਸ ਸੀ ਮੋਰਚਾ ਦੇ ਪ੍ਰਦੇਸ਼ ਪ੍ਰਧਾਨ ਰਾਜ ਕੁਮਾਰ ਅਟਵਾਲ ਦੀ ਅਗਵਾਈ ਵਿਚ ਦਲਿਤ ਇਨਸਾਫ਼ ਯਾਤਰਾ ਜਲੰਧਰ ਤੋ ਕੱਢਣ ਦਾ ਫ਼ੈਸਲਾ ਲਿਆ ਹੈ,ਜੋ ਚੰਡੀਗੜ੍ਹ ਜਾ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰੇਂਦਰ ਸਿੰਘ ਦੀ ਸਰਕਾਰੀ ਕੋਠੀ ਦਾ ਘੇਰਾਉ ਕਰ ਉਨ੍ਹਾਂ ਨੂੰ ਚੇਤਾਵਨੀ ਦੇਵੇਗਾ ਕਿ ਦਲਿਤਾਂ ਤੇ ਹੋ ਰਹੇ ਅੱਤਿਆਚਾਰ ਸਰਕਾਰ ਬੰਦ ਕਰਵਾਏ। ਗੌਰਤਲਬ ਹੈ ਕਿ ਪੰਜਾਬ ਵਿਚ ਦਲਿਤ ਵਿਦਿਆਰਥੀਆਂ ਦੇ ਹਿਤਾਂ ਤੇ ਡਾਕਾ ਮਾਰਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੋਟਾਲਾ,ਉਸ ਤੋਂ ਬਾਅਦ ਜਲਾਲਾਬਾਦ ਵਿਚ ਦਲਿਤ ਵਿਅਕਤੀ ਦੀ ਕੁੱਟਮਾਰ ਅਤੇ ਪ੍ਰਤਾੜਿਤ ਕਰਨ ਤੋ ਬਾਅਦ ਪਿਸ਼ਾਬ ਪਿਲਾਉਣ ਦੀ ਸ਼ਰਮਨਾਕ ਘਟਨਾ ‘ਤੇ ਕੈਪਟਨ ਸਰਕਾਰ ਦੀ ਚੁੱਪੀ ਨੂੰ ਲੈ ਕੇ ਭਾਜਪਾ ਐੱਸ ਸੀ ਮੋਰਚਾ ਵਿਚ ਗ਼ੁੱਸਾ ਪਾਇਆ ਜਾ ਰਿਹਾ ਹੈ। ਇਸ ਸੰਬੰਧ ਵਿਚ ਅੱਜ ਜਲੰਧਰ ਵਿਚ ਭਾਜਪਾ ਐੱਸ ਸੀ ਮੋਰਚਾ ਦੇ ਬੈਨਰ ਤਲੇ ਇੱਕ ਪੱਤਰਕਾਰ ਮਿਲਣੀ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਆਪਣੇ ਸੰਬੋਧਨ ਵਿਚ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ ਕਿਹਾ ਕਿ ਇਹ ਬੜੀ ਮੰਦਭਾਗੀ ਘਟਨਾ ਹੈ ਕਿ ਜਲਾਲਾਬਾਦ ਵਿਚ ਦਲਿਤ ਭਾਈਚਾਰੇ ਦੇ ਵਿਅਕਤੀ ਨੂੰ ਮਾਰਕੁੱਟ ਕਰ ਪਿਸ਼ਾਬ ਪਿਲਾਇਆ ਗਿਆ। ਇਸ ਤੋਂ ਪਹਿਲਾ ਦਲਿਤਾਂ ਵਿਦਿਆਰਥੀਆਂ ਦੇ ਹਿਤਾਂ ਤੇ ਡਾਕਾ ਮਾਰਦੇ ਹੋਏ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੋਟਾਲਾ ਕੀਤਾ ਗਿਆ,ਜਿਸ ਵਿਚ ਕੈਪਟਨ ਸਾਹਿਬ ਨੇ ਗਿਣੀ ਮਿਥੀ ਸਾਜ਼ਿਸ਼ ਅਧੀਨ ਜਾਂਚ ਦੇ ਬਹਾਨੇ ਦੋਸ਼ੀ ਮੰਤਰੀ ਨੂੰ ਬਣੀ ਬਣਾਈ ਕਲੀਨ ਚਿੱਟ ਦੇ ਦਿੱਤੀ। ਸਾਂਪਲਾ ਨੇ ਕਿਹਾ ਕਿ ਪੰਜਾਬ ਦਾ ਪ੍ਰਸ਼ਾਸਨ ਨਾ ਜਾਏ ਕਿਸ ਦਬਾਅ ਹੇਠ ਮੂਕ ਦਰਸ਼ਕ ਬਣਿਆ ਹੋਇਆ ਹੈ ਅਤੇ ਕੈਪਟਨ ਸਰਕਾਰ ਘੂਕ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਲਿਤ ਭਾਈਚਾਰੇ ਦਾ ਉਤਪੀੜਨ ਕਿਸੇ ਕੀਮਤ ਤੇ ਸਹਿਣ ਨਹੀਂ ਕਰੇਗੀ। ਬੀਤੇ ਦਿਨੀਂ ਜਦ ਉਹ ਪ੍ਰਤਾੜਨਾ ਦੇ ਸ਼ਿਕਾਰ ਹੋਏ ਦਲਿਤ ਨੂੰ ਮਿਲਣ ਗਏ ਤਾਂ ਉਨ੍ਹਾਂ ਜਬਰੀ ਰੋਕਿਆ ਗਿਆ। ਇਸ ਲਈ ਐੱਸ ਸੀ ਮੋਰਚਾ 22 ਅਕਤੂਬਰ ਨੂੰ ਜਲੰਧਰ ਤੋਂ ਬੜੇ ਕਾਫ਼ਲੇ ਦੇ ਰੂਪ ਦਲਿਤ ਇਨਸਾਫ਼ ਯਾਤਰਾ ਲੈ ਕੇ ਚੰਡੀਗੜ੍ਹ ਲਈ ਰਵਾਨਾ ਹੋਵੇਗਾ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਘੇਰਾਉ ਕੀਤਾ ਜਾਵੇਗਾ। ਇਸ ਮੌਕੇ ਪ੍ਰਦੇਸ਼ ਉਪ ਪ੍ਰਧਾਨ ਰਾਜੇਸ਼ ਬਾਘਾ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਬਣਨ ਤੋ ਬਾਅਦ ਦਲਿਤਾਂ ਤੇ ਉਤਪੀੜਨ ਵਧਿਆ ਹੈ, ਪਿਛੜੇ ਸਮਾਜ ਨੂੰ ਸਰਕਾਰੀ ਧੱਕੇਸ਼ਾਹੀ ਦੇ ਚੱਲਦਿਆਂ ਪ੍ਰਤਾੜਿਤ ਕੀਤਾ ਜਾ ਰਿਹਾ ਹੈ। ਜਿਸ ਦਾ ਸਬੂਤ ਹੈ ਜਲਾਲਾਬਾਦ ਦੀ ਘਟਨਾ। ਇਨ੍ਹਾਂ ਹੀ ਜਦੋਂ ਪੀੜਤ ਦਾ ਪਤਾ ਲੈਣ ਲਈ ਸਾਂਪਲਾ ਉੱਥੇ ਜਾਣ ਲੱਗੇ ਤਾਂ ਇੱਕ ਸਾਜ਼ਿਸ਼ ਅਧੀਨ ਰੋਕਿਆ ਗਿਆ ਅਤੇ ਗਿਰਫਤਾਰ ਕਰ ਲਿਆ ਗਿਆ। ਬਾਘਾ ਨੇ ਕਿਹਾ ਕਿ ਸਰਕਾਰ ਦਾ ਇਹ ਹਾਲ ਹੈ ਕਿ ਦਲਿਤਾਂ ਨੂੰ ਕੁੱਟੋਂ ਜੇ ਕੋਈ ਪਤਾ ਲੈਣ ਜਾਵੇ ਤਾਂ ਉਸ ਨੂੰ ਗਿਰਫਤਾਰ ਕਰ ਲਵੋ। ਇਹ ਸ਼ਰਮਨਾਕ ਅਤੇ ਅਣਮਨੁੱਖੀ ਕਾਰਾ ਹੈ। ਬਾਘਾ ਨੇ ਕਿਹਾ ਕਿ ਦਲਿਤਾਂ ਦੀ ਪ੍ਰਤਾੜਨਾ ਅਤੇ ਸ਼ੋਸ਼ਣ ਪੰਜਾਬ ਸਰਕਾਰ ਦੇ ਮੱਥੇ ਤੇ ਕਲੰਕ ਹੈ। ਪਾਰਟੀ ਦੇ ਐੱਸ ਸੀ ਮੋਰਚਾ ਦੇ ਪ੍ਰਧਾਨ ਰਾਜ ਕੁਮਾਰ ਅਟਵਾਲ ਨੇ ਕਿਹਾ ਕਿ ਪੰਜਾਬ ਵਿਚ ਦਲਿਤ ਭਾਈਚਾਰੇ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇੱਕ ਸੋਚੀ ਸਮਝੀ ਰਣਨੀਤੀ ਤਹਿਤ ਹੀ ਦਲਿਤ ਵਿਦਿਆਰਥੀਆਂ ਲਈ ਕੇਂਦਰ ਵੱਲੋਂ ਜਾਰੀ ਕਰੋੜਾ ਰੁਪਏ ਸਰਕਾਰ ਹੜੱਪ ਕਰ ਗਈ ਅਤੇ ਲੱਖਾ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿਚ ਪਾ ਦਿੱਤਾ। ਇਸ ਤੋਂ ਪਹਿਲਾ ਜ਼ਹਿਰੀਲੀ ਸ਼ਰਾਬ ਕਰ ਕੇ 130 ਦਲਿਤਾਂ ਦੀ ਮੌਤ ਹੋ ਗਈ ਪਰ ਪੰਜਾਬ ਸਰਕਾਰ ਨੇ ਜਾਂਚ ਦੇ ਨਾਂ ਤੇ ਕਾਂਗਰਸ ਦੀ ਸਰਪ੍ਰਸਤੀ ਵਿਚ ਚੱਲਣ ਵਾਲੇ ਸ਼ਰਾਬ ਮਾਫ਼ੀਆ ਨੂੰ ਕਲੀਨ ਚਿੱਟ ਦੇ ਦਿੱਤੀ। ਮੋਰਚੇ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ,ਸਰਕਾਰ ਦੀਆਂ ਅੱਤਿਆਚਾਰੀ ਨੀਤੀਆਂ ਵਿਚ ਕੋਈ ਸੁਧਾਰ ਨਹੀਂ ਹੋਇਆ। ਇਸ ਲਈ ਇਸ ਕੁੰਭਕਰਨੀ ਨੀਂਦ ਵਿਚ ਸੁੱਤੇ ਮੁੱਖ ਮੰਤਰੀ ਨੂੰ ਜਗਾਉਣ ਲਈ ਮੋਰਚਾ 22 ਅਕਤੂਬਰ ਨੂੰ ਚੰਡੀਗੜ੍ਹ ਮੁੱਖ ਮੰਤਰੀ ਦੀ ਕੋਠੀ ਦਾ ਘੇਰਾਉ ਕਰੇਗਾ ਅਤੇ ਇਹ ਯਾਤਰਾ ਪੰਜਾਬ ਸਰਕਾਰ ਦੀਆਂ ਜੜਾਂ ਹਿਲਾ ਕੇ ਰੱਖ ਦੇਵੇਗੀ। ਇਸ ਮੌਕੇ ਪ੍ਰਦੇਸ਼ ਬੁਲਾਰੇ ਮਹਿੰਦਰ ਭਗਤ, ਦੀਵਾਨ ਅਮਿੱਤ ਅਰੋੜਾ, ਜਿੱਲ੍ਹਾ ਮਹਾ ਮੰਤਰੀ ਰਾਜੀਵ ਢੀਂਗਰਾ, ਭਗਵੰਤ ਪ੍ਰਭਾਕਰ, ਮੋਰਚਾ ਜਿੱਲ੍ਹਾ ਪ੍ਰਧਾਨ ਭੁਪਿੰਦਰ ਕੁਮਾਰ, ਕੀਮਤੀ ਭਗਤ, ਸ਼ੀਤਲ ਅੰਗੁਰਾਲ, ਦੀਪਕ ਬਾਵਾ,ਮਨਜੀਤ ਬਾਲੀ, ਸੋਨੂੰ ਦਿਨਕਰ, ਸੋਨੂੰ ਹੰਸ, ਰੌਬਿਨ ਸਾਂਪਲਾ, ਜੋਗੀ ਤਲੱਹਣ, ਸੁਭਾਸ਼ ਭਗਤ, ਜੋਨੀ ਕਲਿਆਣ ਸਹਿਤ ਭਾਜਪਾ ਦੇ ਅਹੁਦੇਦਾਰ ਮੌਜੂਦ ਸਨ।

Stock Market Updates

Leave a Reply

Your email address will not be published. Required fields are marked *