ਜਲੰਧਰ – ਕਮਿਸ਼ਨਰੇਟ ਪੁਲਿਸ ਵਲੋਂ ਅੱਜ ਸ੍ਰੀ ਰਾਮ ਭਗਤ ਸੈਨਾ ਦੇ ਮੁਖੀ ਧਰਮਿੰਦਰ ਮਿਸ਼ਰਾ ‘ਤੇ ਬੁੱਧਵਾਰ ਦੀ ਸ਼ਾਮ ਨੂੰ ਬਸਤੀ ਬਾਵਾ ਖੇਲ ਵਿਖੇ ਹਮਲਾ ਕਰਨ ਵਾਲੇ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀਆਂ ਦੀ ਪਹਿਚਾਣ ਕਰਮ ਕੁਮਾਰ (21) ਬੈਂਕ ਕਲੋਨੀ, ਮਹਿਕਪ੍ਰੀਤ ਸਿੰਘ (18) ਕਬੀਰ ਵਿਹਾਰ, ਗੁਰਪ੍ਰੀਤ ਸਿੰਘ (21) ਮਿੱਠੂ ਬਸਤੀ, ਸਰਬਜੀਤ ਸਿੰਘ (20), ਹਰਜਿੰਦਰ ਸਿੰਘ (19) ਬਸਤੀ ਬਾਵਾ ਖੇਲ, ਅੰਮ੍ਰਿਤਪਾਲ ਸਿੰਘ (23) ਨਿਊ ਰਾਜ ਨਗਰ ,ਭੁਪਿੰਦਰ ਸਿੰਘ (19) ਅਤੇ ਬਰਜਿੰਦਰ ਸਿੰਘ (22) ਰਾਜ ਨਗਰ ਵਜੋਂ ਹੋਈ ਹੈ। ਪੁਲਿਸ ਵਲੋਂ ਤੇਜਧਾਰ ਹਥਿਆਰ, ਤਿੰਨ ਮੋਟਰ ਸਾਈਕਲ ਬਰਮਾਦ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਮੁੱਖ ਦੋਸ਼ੀ ਗੁਰਪ੍ਰੀਤ ਸਿੰਘ ਘੁੰਮਣ ਪ੍ਰਾਪਰਟੀ ਡੀਲਰ ਫਰਾਰ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਧਰਮਿੰਦਰ ਮਿਸ਼ਰਾ ਦਾ ਦਫ਼ਤਰ ਮੁੱਖ ਦੋਸ਼ੀ ਗੁਰਪ੍ਰੀਤ ਸਿੰਘ ਘੁੰਮਣ ਪ੍ਰਾਪਰਟੀ ਡੀਲਰ ਵਲੋਂ ਬਣਾਈ ਗਈ ਕਲੋਨੀ ਦੇ ਨੇੜੇ ਸੀ। ਉਨ੍ਹਾਂ ਦੱਸਿਆ ਕਿ ਇਕ ਮਹੀਨਾ ਪਹਿਲਾਂ ਘੁੰਮਣ ਜਿਸ ਦੇ ਨਾਲ ਕਰਨ ਕੁਮਾਰ ਜੋ ਕਿ ਉਸ ਦੇ ਦਫ਼ਤਰ ਵਿਖੇ ਕੰਮ ਕਰਦਾ ਸੀ ਦੀ ਧਰਮਿੰਦਰ ਮਿਸ਼ਰਾ ਅਤੇ ਉਸ ਦੇ ਵਰਕਰਾਂ ਨਾਲ ਬਹਿਸ ਹੋ ਗਈ ਅਤੇ ਮੁੱਖ ਦੋਸ਼ੀ ਵਲੋਂ ਧਰਮਿੰਦਰ ਮਿਸ਼ਰਾ ਨੂੰ ਸਬਕ ਸਿਖਾਉਣ ਦਾ ਫ਼ੈਸਲਾ ਲਿਆ ਗਿਆ ਅਤੇ ਦੂਜਿਆਂ ਨਾਲ ਰੱਲਕੇ ਸਾਜਿਸ਼ ਰਚੀ। ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਬੁੱਧਵਾਰ ਨੂੰ ਸ਼ਾਮ 7 ਵਜੇ ਦੋਸ਼ੀਆਂ ਵਲੋਂ ਧਰਮਿੰਦਰ ਮਿਸ਼ਰਾ ‘ਤੇ ਤੇਜਧਾਰ ਹਥਿਆਰਾਂ ਅਤੇ ਬੇਸਬਾਲ ਬੈਟਾਂ ਨਾਲ ਹਮਲਾ ਕਰ ਦਿੱਤਾ ਅਤੇ ਮਿਸ਼ਰਾ ਨੂੰ ਗੰਭੀਰ ਜਖ਼ਮੀ ਕਰਨ ਤੋਂ ਬਾਅਦ ਮੌਕੇ ਤੋਂ ਭੱਜ ਗਏ। ਸ੍ਰੀ ਭੁੱਲਰ ਨੇ ਦੱਸਿਆ ਕਿ ਦੋਸ਼ੀਆਂ ਨੂੰ ਫੜਨ ਲਈ ਸੀ.ਆਈ.ਏ.-1 ਦੇ ਸਟਾਫ਼ ਨੂੰ ਜਿੰਮੇਵਾਰੀ ਸੌਂਪੀ ਗਈ ਅਤੇ ਹਰਵਿੰਦਰ ਸਿੰਘ ਦੀ ਅਗਵਾਈ ਵਿੱਚ ਟੀਮ ਵਲੋਂ ਸੀ.ਸੀ.ਟੀ.ਵੀ.ਕੈਮਰਿਆਂ ਦੀ ਜਾਂਚ ਕਰਨ ਤੋਂ ਇਲਾਵਾ ਮਨੁੱਖੀ ਸਰੋਤਾਂ ਤੋਂ ਪੁੱਛ ਪੜਤਾਲ ਕੀਤੀ ਗਈ ਜਿਸ ਦੇ ‘ਤੇ ਅੱਠ ਦੋਸ਼ੀਆਂ ਨੂੰ ਉਨਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਿਲ ਹੋਈ। ਸ੍ਰੀ ਭੁੱਲਰ ਨੇ ਦੱਸਿਆ ਕਿ ਆਈ.ਪੀ.ਸੀ. ਦੀ ਧਾਰਾ 323, 324, 427, 326, 148, 149 ਅਤੇ 120-ਬੀ ਦੇ ਤਹਿਤ ਸਾਰੇ ਦੋਸ਼ੀਆਂ ਦੇ ਖਿਲਾਫ ਬਸਤੀ ਬਾਵਾ ਖੇਲ ਪੁਲਿਸ ਸਟੇਸ਼ਨ ਵਿਖੇ ਕੇਸ ਦਰਜ ਕੀਤਾ ਗਿਆ ਹੈ ਅਤੇ ਸਾਰੇ ਅੱਠ ਦੋਸ਼ੀਆਂ ਨੁੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁੱਖੀ ਦੋਸ਼ੀ ਪ੍ਰਾਪਰਟੀ ਡੀਲਰ ਗੁਰਪ੍ਰੀਤ ਸਿੰਘ ਘੁੰਮਣ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Jalandhar News

Leave a Reply

Your email address will not be published. Required fields are marked *